ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਅਤੇ ਮੁਫ਼ਤ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਉਦੇਸ਼ ਨਾਲ ਚਾਰ ਆਮ ਆਦਮੀ ਪਿੰਡ ਕਲੀਨਿਕਾਂ ਲਈ ਡਾ. ਬਲਵਿੰਦਰ ਕੁਮਾਰ ਨੂੰ ਮੈਡੀਕਲ ਅਫ਼ਸਰ ਵਜੋਂ ਇੰਪੈਨਲ ਕੀਤਾ ਗਿਆ ਹੈ।
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਡਾ. ਬਲਵਿੰਦਰ ਕੁਮਾਰ ਨੂੰ ਇੰਪੈਨਲਮੈਂਟ ਪੱਤਰ ਸੌਂਪਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਨਾਗਰਿਕ ਨੂੰ ਉਸ ਦੇ ਨਿਵਾਸ ਸਥਾਨ ਦੇ ਨੇੜੇ ਗੁਣਵੱਤਾ ਭਰੀਆਂ ਅਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਆਮ ਆਦਮੀ ਪਿੰਡ ਕਲੀਨਿਕਾਂ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ, ਲੋੜੀਂਦੀਆਂ ਦਵਾਈਆਂ, ਮੁੱਢਲੀਆਂ ਜਾਂਚਾਂ ਅਤੇ ਬਿਮਾਰੀਆਂ ਬਾਰੇ ਸਲਾਹ ਇੱਕੋ ਛੱਤ ਹੇਠ ਉਪਲੱਬਧ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਵੇਂ ਮੈਡੀਕਲ ਅਫ਼ਸਰ ਦੀ ਇੰਪੈਨਲਮੈਂਟ ਨਾਲ ਸਬੰਧਤ ਚਾਰ ਪਿੰਡ ਕਲੀਨਿਕਾਂ ਵਿੱਚ ਸਿਹਤ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਅਤੇ ਨਿਰੰਤਰ ਢੰਗ ਨਾਲ ਮੁਹੱਈਆ ਹੋਣਗੀਆਂ। ਇਸ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਡਾਕਟਰੀ ਸਲਾਹ ਅਤੇ ਇਲਾਜ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਵੀ ਘੱਟ ਪਵੇਗੀ।
ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਆਮ ਆਦਮੀ ਪਿੰਡ ਕਲੀਨਿਕਾਂ ਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਹਤ ਸਮੱਸਿਆ ਦੀ ਸਥਿਤੀ ਵਿੱਚ ਸ਼ੁਰੂਆਤੀ ਪੜਾਅ 'ਤੇ ਡਾਕਟਰੀ ਸਲਾਹ ਲੈਣ ਨਾਲ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਸੰਭਵ ਹੁੰਦਾ ਹੈ, ਜਿਸ ਨਾਲ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਸਿਹਤ ਵਿਭਾਗ ਲੋਕਾਂ ਨੂੰ ਗੁਣਵੱਤਾ ਭਰੀਆਂ, ਪਾਰਦਰਸ਼ੀ ਅਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਿਹਾ ਹੈ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਸਹਾਇਕ ਸਿਵਲ ਸਰਜਨ ਡਾ ਬਲਜੀਤ ਕਮਲ, ਡਾ ਬਲਵਿੰਦਰ ਕੁਮਾਰ, ਡਾ ਹਰਬੰਸ ਸਿੰਘ ਤੇ ਈਪੀਆਈ ਅਸਿਸਟੈਂਟ ਸੁਸ਼ੀਲ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।